ਇੱਥੇ ਅੰਗਰੇਜ਼ੀ ਅਨੁਵਾਦ ਪੜ੍ਹੋ।
Chandigarh: ਪੰਜਾਬ ਦੀ ਵਰਚੂਅਲ ਜ਼ਮੀਨ ਵਿੱਚ ਦੋ ਫੇਸਬੁੱਕ ਪੇਜ, ਫੈਂਸ ਆਫ ਦੀਪ ਸਿੱਧੂ (Fans of Deep Sidhu) ਅਤੇ ਸੂਝਵਾਨ ਪੰਜਾਬ (Soojhwan Punjab), ਪਹਿਲੀ ਨਜ਼ਰ ਵਿੱਚ ਨੁਕਸਾਨਦੇਹ ਨਹੀਂ ਲੱਗਦੇ। ਇੱਕ ਪੇਜ ਨੌਜਵਾਨ ਸਿੱਖ ਆਈਕਨ ਦੇ ਨਾਮ ਦਾ ਇਸਤੇਮਾਲ ਕਰਦਾ ਹੈ ਜਿਸਦੀ ਜਵਾਨੀ ਵਿੱਚ ਮੌਤ ਹੋ ਗਈ ਸੀ। ਦੂਜਾ ਪੇਜ ਪੰਜਾਬੀ ਮਾਨ ਅਤੇ ਪਹਿਚਾਣ ਦਾ ਝੰਡਾ ਚੁੱਕੀ ਨਜ਼ਰ ਆਉਂਦਾ ਹੈ।
ਪਰੰਤੂ ਇਹ ਦੋਨੋਂ ਪੇਜ ਕੁੱਝ ਸਮੱਸਿਆਜਨਕ ਚੀਜ਼ਾਂ ਨੂੰ ਲੁਕਾਉਂਦੇ ਹਨ। The Reporters’ Collective ਦੀ ਇੱਕ ਖੋਜੀ ਰਿਪੋਰਟ ਦੇ ਮੁਤਾਬਿਕ, ਇਹ ਪੇਜ The Punjab First ਨਾਮ ਦੇ “ਖ਼ਬਰਾਂ” ਦੇ ਪਲੇਟਫਾਰਮ ਦੇ ਨਾਲ ਸਟੇਟ ਦੇ ਦੁਸ਼ਪ੍ਰਚਾਰ ਨੂੰ ਫੈਲਾਉਣ ਅਤੇ ਆਪ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਅਲੋਚਕਾਂ ਨੂੰ ਨਿਸ਼ਾਨਾ ਬਣਾਉਣ ਲਈ ਇਸਤੇਮਾਲ ਕੀਤੇ ਜਾਂਦੇ ਰਹੇ ਹਨ।
ਮਾਰਚ 2023 ਵਿੱਚ ਇਹਨਾਂ ਪੇਜਾਂ ਦੇ ਬਣਨ ਤੋ ਬਾਅਦ ਦਿਸੰਬਰ 2024 ਤੱਕ ਇਹਨਾਂ ਪੇਜਾਂ ਨੇ ਫੇਸਬੁੱਕ ਤੇ 5900 ਇਸ਼ਤਿਹਾਰ ਦਿੱਤੇ ਅਤੇ 14 ਲੱਖ ਰੁਪਏ ਸਪਾਂਸਰਡ ਪੋਸਟਾਂ, ਮੀਮਜ਼ ਅਤੇ ਵੀਡੀਓਆਂ ਤੇ ਖਰਚ ਕੀਤੇ ਜਿਨ੍ਹਾਂ ਦੇ ਨਾਲ ਕਿਸਾਨ ਨੇਤਾਵਾਂ, ਨਸ਼ਾ ਵਿਰੋਧੀ ਸਮਾਜਿਕ ਕਾਰਕੁਨਾਂ ਅਤੇ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਦੋਂਕਿ ਭਗਵੰਤ ਮਾਨ ਸਰਕਾਰ ਦੇ ਪ੍ਰਸ਼ੰਸਾ ਨਾਲ ਪੁੱਲ ਬੰਨੇ ਗਏ ਅਤੇ ਪੰਜਾਬ ਪੁਲਿਸ ਖ਼ਾਸਕਰ ਡੀਜੀਪੀ ਗੌਰਵ ਯਾਦਵ ਦਾ ਮਹਿਮਾ ਮੰਡਨ ਕੀਤਾ ਗਿਆ।
ਉਹ ਸਾਰੇ ਸਮੂਹਾਂ ਜਿਨ੍ਹਾਂ ਨੂੰ ਇਹਨਾਂ ਪੇਜਾਂ ਨੇ ਨਿਸ਼ਾਨਾ ਬਣਾਇਆ ਉਹਨਾਂ ਨੇ ਸੂਬਾ ਸਰਕਾਰ ਜਾਂ ਸੂਬਾ ਪੁਲਿਸ ਨੂੰ ਗ਼ਲਤ ਤਰੀਕੇ ਨਾਲ ਛੇੜਿਆ ਸੀ: ਪੰਜਾਬ ਦੇ ਨਸ਼ਾਂ ਵਿਰੋਧੀ ਕਾਰਕੁਨਾਂ ਨੇ ਪੰਜਾਬ ਪੁਲਿਸ ਉੱਤੇ ਨਸ਼ਾਂ ਤਸਕਰਾਂ ਨਾਲ ਮਿਲੀਭੁਗਤ ਹੋਣ ਦਾ ਆਰੋਪ ਲਗਾਇਆ ਸੀ; ਸਿੱਖ ਕਾਰਕੁਨਾਂ ਨੇ ਪੁਲਿਸ ਨੂੰ ਗੈਂਗਸਟਰਾਂ ਦੀ ਮਦਦ ਕਰਨ ਲਈ ਆਲੋਚਨਾ ਕੀਤੀ ਸੀ; ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੀ ਜਿੱਤ ਨਾਲ ਮਜ਼ਬੂਤ ਹੋਈਆਂ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੇ ਭਗਵੰਤ ਮਾਨ ਸਰਕਾਰ ਵਲੋਂ ਕਿਸਾਨਾਂ ਨਾਲ ਕੀਤੇ ਵਾਦੇ ਪੂਰੇ ਨਾ ਕਰਨ ਤੇ ਵਿਰੋਧ ਕੀਤਾ ਸੀ।
ਇਸਤੋਂ ਸਾਹਮਣੇ ਆਉਂਦੀ ਤਸਵੀਰ ਪ੍ਰੇਸ਼ਾਨ ਕਰਨ ਵਾਲੀ ਹੈ: ਜਿਸਦੇ ਵਿੱਚ ਫੇਸਬੁੱਕ ਪੇਜਾਂ ਅਤੇ ਲੁਕਵੀਂ ਪਹਿਚਾਣ ਵਾਲੇ ਮੀਡੀਆ ਚੈਨਲ ਜਿਨ੍ਹਾਂ ਨੇ ਆਨਲਾਈਨ ਦੁਸ਼ਪ੍ਰਚਾਰ ਮੁਹਿੰਮ ਚਲਾਈ ਜਿਹੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਬਿਰਤਾਂਤ ਦੇ ਅਨੁਰੂਪ ਹੈ।
ਪੰਜਾਬ ਜਿਸਦੇ ਵਿਚ ਖਾੜਕੂਵਾਦ ਦੇ ਜ਼ਖ਼ਮ ਅਤੇ ਰਾਜਨੀਤਿਕ ਚਲਾਕੀ ਕਾਫ਼ੀ ਗਹਿਰੇ ਹਨ, ਸੱਤਾ ਦੇ ਕਰੀਬੀਆਂ ਵਲੋਂ ਸੋਸ਼ਲ ਮੀਡੀਆ ਨੂੰ ਸਰਕਾਰੀ ਬਿਰਤਾਂਤ ਨੂੰ ਸਥਾਪਿਤ ਕਰਨ ਲਈ ਹਥਿਆਰ ਵਾਂਗ ਵਰਤਣਾ ਇਕ ਪ੍ਰੇਸ਼ਾਨ ਕਰਨ ਵਾਲਾ ਕਦਮ ਹੈ। ਫੈਂਸ ਆਫ ਦੀਪ ਸਿੱਧੂ (FODS) ਅਤੇ ਸੂਝਵਾਨ ਪੰਜਾਬ (Soojhwan Punjab) ਫੇਸਬੁੱਕ ਪੇਜਾਂ ਨੇ The Punjab First ਵਰਗੇ ਪਲੇਟਫਾਰਮਾਂ ਨਾਲ ਮਿਲਕੇ ਸਰਕਾਰੀ ਨੀਤੀਆਂ ਲਈ ਸਹਿਮਤੀ ਬਣਾਉਣ, ਪੁਲਿਸ ਦੀਆਂ ਜਿਆਦਤੀਆਂ ਨੂੰ ਜਾਇਜ਼ ਸਾਬਿਤ ਕਰਨ ਅਤੇ ਲੋਕਤੰਤਰ ਦੇ ਉਸ ਅਣਕਹੇ ਨਿਯਮ ਦਾ ਘਾਣ ਕੀਤਾ ਜਿਸਦੇ ਮੁਤਾਬਿਕ ਸਰਕਾਰ ਨੂੰ ਆਪਣੇ ਲੋਕਾਂ ਨੂੰ ਲੁਕਵੇਂ ਪ੍ਰਚਾਰ ਨਾਲ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ।
ਪ੍ਰਚਾਰ ਮੁਹਿੰਮ
ਇਹ ਪ੍ਰਚਾਰ ਮੁਹਿੰਮ ਮਾਰਚ 2023 ਵਿੱਚ ਖਾਲਿਸਤਾਨੀ ਵੱਖਵਾਦ ਦੀ ਅੱਗ ਨੂੰ ਹਵਾ ਦੇਣ ਵਾਲੇ ਅੰਮ੍ਰਿਤਪਾਲ ਸਿੰਘ ਦੀ ਪ੍ਰਤੀਕਿਰਿਆ ਦੇ ਵਿੱਚ ਸ਼ੁਰੂ ਹੋਈ। ਕਾਲਜ ਦੀ ਪੜਾਈ ਵਿੱਚ ਹੀ ਛੱਡ ਦੇਣ ਵਾਲਾ ਅੰਮ੍ਰਿਤਪਾਲ ਜੋਸ਼ੀਲਾ ਧਰਮ ਗੁਰੂ ਸੀ ਜਿਹੜਾ ਪਹਿਲਾ ਦੁਬਈ ਵਿੱਚ ਕੰਮ ਕਰਦਾ ਸੀ ਤੇ ਫਿਰ August 2022 ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਨੂੰ ਚਲਾਉਣ ਲਈ ਪੰਜਾਬ ਵਾਪਸ ਆ ਗਿਆ ਸੀ। ਵਾਰਿਸ ਪੰਜਾਬ ਦੇ ਜਥੇਬੰਦੀ ਅਦਾਕਾਰ ਤੋਂ ਕਾਰਕੁਨ ਬਣੇ ਦੀਪ ਸਿੱਧੂ ਨੇ ਬਣਾਈ ਸੀ ਜਿਹੜੀ ਬਾਅਦ ਵਿੱਚ ਖਾਲਿਸਤਾਨ ਪੱਖੀ ਜਥੇਬੰਦੀ ਬਣ ਗਈ ਅਤੇ ਹੁਣ ਅੰਮ੍ਰਿਤਪਾਲ ਦੇ ਅੰਡਰ ਰਾਜਨੀਤਿਕ ਪਾਰਟੀ ਦਾ ਰੂਪ ਲੈ ਚੁੱਕੀ ਹੈ।
6 ਮਹੀਨਿਆਂ ਦੇ ਵਿੱਚ ਹੀ ਅੰਮ੍ਰਿਤਪਾਲ ਦੇ ਵਿਚਾਰਾਂ ਨੂੰ ਵੱਡੀ ਗਿਣਤੀ ਵਿੱਚ ਪਾਲਣਾ ਕਰਨ ਵਾਲੇ ਸਿੱਖ ਨੌਜਵਾਨਾਂ ਮਿਲ ਗਏ ਸਨ ਜਿਹੜੇ ਹਿੰਦੂਤਵ, ਕਿਸਾਨ ਵਿਰੋਧੀ ਨੀਤੀਆਂ, ਸਿੱਖਾਂ ਦੇ ਪਵਿੱਤਰ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਵਿੱਚ ਨਿਆਂ ਮਿਲਣ ਵਿੱਚ ਦੇਰੀ ਤੋਂ ਨਿਰਾਸ਼ ਸਨ ਅਤੇ ਹਿੰਸਾ ਦੀ ਭਾਸ਼ਾ ਨਾਲ ਸਹਿਜ ਸਨ। ਰਾਜਨੀਤੀ ਵਿੱਚ ਸਿੱਖ ਲੀਡਰਸ਼ਿਪ ਦੇ ਲਗਭਗ ਖਾਲੀਪਣ ਨੇ ਅੰਮ੍ਰਿਤਪਾਲ ਦੀ ਮਦਦ ਕੀਤੀ।
23 ਫਰਵਰੀ 2023 ਨੂੰ ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਨੇ ਅੰਮ੍ਰਿਤਸਰ ਦੇ ਇਕ ਪੁਲਿਸ ਥਾਣੇ ਨੂੰ ਉਸਦੇ ਇੱਕ ਸਾਥੀ ਨੂੰ ਛੁਡਵਾਉਣ ਲਈ ਘੇਰ ਲਿਆ ਸੀ। ਇਸ ਘਟਨਾ ਨੇ ਅੰਮ੍ਰਿਤਪਾਲ ਨੂੰ ਸਿੱਖਾਂ ਦੇ ਗਰਮ ਖਿਆਲੀ ਹਿੱਸੇ ਵਿੱਚ ਪਸੰਦੀਦਾ ਬਣਾ ਦਿੱਤਾ ਜਦੋਕਿ ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਨੂੰ ਸ਼ਰਮਸਾਰ ਕਰ ਦਿੱਤਾ ਜਿਸਦੇ ਕਰਕੇ ਬੀਜੇਪੀ ਨੇ ਇਸ ਉੱਤੇ ਖਾਲਿਸਤਾਨੀਆਂ ਪ੍ਰਤੀ ਨਰਮ ਰੁਖ਼ ਰੱਖਣ ਦਾ ਆਰੋਪ ਲਗਾਇਆ।
ਵੱਖਵਾਦੀ ਲਹਿਰ ਉੱਤੇ ਰੋਕ ਲਗਾਉਣ ਲਈ ਸੂਬਾ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਕਾਰਵਾਈ ਸ਼ੁਰੂ ਹੋਣ ਦੇ 24 ਘੰਟੇ ਦੇ ਵਿੱਚ ਹੀ FODS ਅਤੇ Soojhwan Punjab ਪੇਜ ਸ਼ੁਰੂ ਕੀਤੇ ਗਏ। ਇਹਨਾਂ ਦਾ ਸ਼ੁਰੂ ਤੋ ਹੀ ਧਿਆਨ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਖ਼ਿਲਾਫ਼ ਲਗਾਤਾਰ ਪ੍ਰਚਾਰ ਕਰਨ ਉੱਤੇ ਸੀ। ਅਗਲੇ ਦੋ ਮਹੀਨਿਆਂ ਵਿੱਚ ਇਹਨਾਂ ਪੇਜਾਂ ਨੇ 560 ਇਸ਼ਤਿਹਾਰ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਨਿਸ਼ਾਨੇ ਤੇ ਲੈਣ ਲਈ ਲਗਾਏ ਸਨ ਜਿਸਦੇ ਵਿੱਚ ਉਸਨੂੰ ਪਾਕਿਸਤਾਨ ਦੀ ਕੱਠਪੁਤਲੀ ਦੱਸਿਆ ਗਿਆ ਅਤੇ ਉਸਦੀ ਬਦਨਾਮ ਧਰਮ ਗੁਰੂ ਨਿਤਿਆਨੰਦ, ਆਸਾਰਾਮ, ਰਾਮ ਰਹੀਮ, ਰਾਧੇ ਮਾਂ ਅਤੇ ਨਿਰਮਲ ਬਾਬਾ ਵਰਗਾ ਦੱਸਿਆ ਗਿਆ।
ਇਕ ਧਿਆਨ ਆਕਰਸ਼ਿਤ ਕਰਨ ਵਾਲੇ ਇਸ਼ਤਿਹਾਰ ਵਿੱਚ ਅੰਮ੍ਰਿਤਪਾਲ ਦਾ ਖੁੱਲੀ ਜੀਪ ਨਾਲ ਪਿੱਛਾ ਕਰਦੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਿਖਾਏ ਗਏ, ਜਿਨ੍ਹਾਂ ਦੇ ਨਾਲ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਵੀ ਬੈਠੇ ਦਿਖਦੇ ਹਨ। ਇਕ ਹੋਰ ਇਸ਼ਤਿਹਾਰ ਵਿਚ ਪੰਜਾਬ ਅੰਮ੍ਰਿਤਪਾਲ ਦੀ ਪਤਨੀ ਦੇ ਬੈਨ ਖ਼ਾਲਿਸਤਾਨੀ ਖਾੜਕੂ ਸੰਗਠਨ ਬੱਬਰ ਖਾਲਸਾ ਨਾਲ ਸੰਬੰਧਾਂ ਦਾ ਦਾਅਵਾ ਕੀਤਾ ਗਿਆ।
ਅੰਮ੍ਰਿਤਪਾਲ ਦਾ ਕੇਸ ਕੇਵਲ ਪਹਿਲਾ ਕਦਮ ਸੀ। ਜਦੋਂ ਉਸਨੂੰ ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹਿਰਾਸਤ ਵਿੱਚ ਲੈ ਲਿਆ ਅਤੇ ਅਪ੍ਰੈਲ 2023 ਵਿੱਚ ਅਸਾਮ ਦੀ ਦਿਬਰੂਗੜ੍ਹ ਜੇਲ ਵਿੱਚ ਸ਼ਿਫਟ ਕਰ ਦਿੱਤਾ ਗਿਆ, ਉਦੋਂ ਇਹਨਾਂ ਪੇਜਾਂ ਨੇ ਆਪਣਾ ਧਿਆਨ ਸਰਕਾਰ ਦੇ ਆਲੋਚਕਾਂ ਅਤੇ ਪੁਲਿਸ ਦੇ ਕੰਮਾਂ ਦੀ ਇਸ਼ਤਿਹਾਰਬਾਜ਼ੀ ਤੇ ਲਗਾ ਦਿੱਤਾ।
ਜਦੋਂ ਵੀ ਸਰਕਾਰ ਅਤੇ ਪੁਲਿਸ, ਕਾਰਕੁਨਾਂ ਅਤੇ ਲੋਕਾਂ ਦੀ ਆਲੋਚਨਾ ਝੱਲਦੇ ਸਨ, ਇਹ ਪੇਜ ਆਉਣ ਵਾਲੇ ਹਮਲਿਆਂ ਤੋਂ ਧਿਆਨ ਭਟਕਾਉਣ ਲਈ ਅਤੇ ਗੁੰਮਰਾਹ ਕਰਨ ਲਈ ਕੰਮ ਸ਼ੁਰੂ ਕਰ ਦਿੰਦੇ ਸਨ।
ਜੁਲਾਈ 2023 ਵਿੱਚ ਭਗਵੰਤ ਮਾਨ ਸਰਕਾਰ ਇਸ ਲਈ ਆਲੋਚਨਾ ਝੱਲ ਰਹੀ ਸੀ ਕਿਉਂਕਿ ਨੌਜਵਾਨਾਂ ਦੇ ਡਰੱਗ ਓਵਰਡੋਜ਼ ਨਾਲ ਮਰਨ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਸਨ। ਇਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲਈ ਸ਼ਰਮਨਾਕ ਸੀ ਜਿਹੜੀ ਨਸ਼ਾ ਅਤੇ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਸੀ।
ਨਸ਼ਾ ਵਿਰੋਧੀ ਕਾਰਕੁਨ ਪਰਮਿੰਦਰ ਸਿੰਘ ਝੋਟਾ ਨੇ ਆਮ ਆਦਮੀ ਪਾਰਟੀ ਦੇ ਗੜ੍ਹ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ। ਸਾਬਕਾ ਮੁਕੇਬਾਜ਼ ਝੋਟਾ ਜਿਸਨੇ ਨਸ਼ੇ ਦੀ ਲੱਤ ਕਾਰਨ ਬਾਕਸਿੰਗ ਛੱਡ ਦਿੱਤੀ ਸੀ, ਉਸਨੇ ਪਿੰਡ ਪੱਧਰ ਉੱਤੇ ਪੰਜਾਬ ਦੇ ਨਸ਼ਾ ਸੰਕਟ ਨਾਲ ਨਿਪਟਣ ਲਈ ਕਮੇਟੀਆਂ ਦਾ ਗਠਨ ਕੀਤਾ ਸੀ। ਉਹ ਨਸ਼ਾ ਤਸਕਰਾਂ ਅਤੇ ਨਸ਼ੇ ਦੇ ਪੀੜ੍ਹਤਾਂ ਨੂੰ ਮਾਫ਼ੀ ਮੰਗਣ ਲਈ ਮਜਬੂਰ ਕਰ ਰਿਹਾ ਸੀ।
FODS ਅਤੇ ਸੂਝਵਾਨ ਪੰਜਾਬ ਨੇ ਝੋਟੇ ਦੇ ਖ਼ਿਲਾਫ਼ ਪ੍ਰਚਾਰ ਮੁਹਿੰਮ ਵਿੱਡ ਦਿੱਤੀ। 17 ਤੋਂ 23 ਜੁਲਾਈ ਦੇ ਵਿੱਚ, ਇਹਨਾਂ ਪੇਜਾਂ ਨੇ 40 ਤੋ ਜ਼ਿਆਦਾ ਇਸ਼ਤਿਹਾਰ ਦਿੱਤੇ ਜਿਨ੍ਹਾਂ ਦੇ ਵਿੱਚ ਉਸਨੂੰ ਠੱਗ, ਉਗਾਹਕਾਰ ਅਤੇ ਅਪਰਾਧੀ ਦੱਸਿਆ ਗਿਆ। ਇਹਨਾਂ ਦੋਨੇ ਪੇਜਾਂ ਦੇ ਇਸ਼ਤਿਹਾਰ ਅਤੇ ਵੀਡੀਓ ਇਕੋਂ ਤਰਾਂ ਦੇ ਸਨ। ਝੋਟਾ ਨੂੰ ਬਾਅਦ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਜਿਸਨੂੰ ਲੈਕੇ ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਵੀ ਕੀਤਾ।
ਇਹ ਦੋਨੋਂ ਪੇਜ ਪਿਛਲੀਆਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੂੰ ਨਸ਼ਾ ਤਸਕਰੀ ਲਈ ਜ਼ਿੰਮੇਦਾਰ ਦੱਸਦਿਆਂ ਵੀਡੀਓ ਵੀ ਸਪਾਂਸਰ ਕਰਨ ਲੱਗੇ। ਇਹ ਵੀਡੀਓ The Punjab First ਚੈਨਲ ਤੋਂ ਸਨ। ਠੀਕ ਇਸੇ ਤਰਾਂ ਅਗਸਤ 2023 ਵਿੱਚ ਕਿਸਾਨ ਜਥੇਬੰਦੀਆਂ ਦੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਵਿੱਚ ਪੁਲਿਸ ਨਾਲ ਝੜਪ ਵਿੱਚ ਮਾਰਿਆ ਕਿਸਾਨ ਵੀ ਇਹਨਾਂ ਪੇਜਾਂ ਲਈ ਖੁਰਾਕ ਬਣ ਗਿਆ। ਪੰਜਾਬ ਸਰਕਾਰ ਦੀ ਕਿਸਾਨਾਂ ਉੱਤੇ ਸਖ਼ਤ ਕਾਰਵਾਈ ਲਈ ਆਲੋਚਨਾ ਹੋਈ।
ਇਹਨਾਂ ਪੇਜਾਂ ਉੱਤੇ ਗ੍ਰਾਫੀਕਸ ਦੇ ਰੂਪ ਵਿੱਚ ਸਪਾਂਸਰ ਪੋਸਟਾਂ ਕਿਸਾਨ ਨੇਤਾਵਾਂ ਨੂੰ ਘਟਨਾ ਲਈ ਜ਼ਿੰਮੇਵਾਰ ਦੱਸਦੀਆਂ ਰਹੀ ਅਤੇ ਉਹਨਾਂ ਨੂੰ ਰਾਜਨੀਤੀ ਕਰਨ ਅਤੇ ਕਿਸਾਨਾਂ ਦੀਆਂ ਜ਼ਿੰਦਗੀਆਂ ਖ਼ਤਰੇ ਵਿੱਚ ਪਾਉਣ ਦਾ ਆਰੋਪ ਲਗਾਉਂਦੀਆਂ ਰਹੀਆਂ। “ਕਿਸਾਨ ਨੂੰ ਦਿੱਤਾ ਟ੍ਰੈਕਟਰ ਥੱਲੇ ਅਤੇ ਪੁਲਿਸ ਮੁਲਾਜ਼ਮ ਨੂੰ ਕੀਤਾ ਜ਼ਖ਼ਮੀ,” ਇਕ ਇਸ਼ਤਿਹਾਰ ਵਿੱਚ ਇਹ ਲਿਖਿਆ ਸੀ। “ਕਦੋਂ ਤੱਕ ਇੰਨ੍ਹਾਂ ਨਕਲੀ ਕਿਸਾਨ ਠੇਕੇਦਾਰਾਂ ਦੀ ਸਿਆਸਤ ਦੀ ਭੇਂਟ ਚੜ੍ਹਦੇ ਰਹਿਣਗੇ ਅਸਲੀ ਕਿਸਾਨ,” “ਇਹ ਨਕਲੀ ਕਿਸਾਨ ਠੇਕੇਦਾਰਾਂ ਦੀ ਸਿਆਸੀ ਮੰਤਵ ਪਿੱਛੇ ਅਪਣੀ ਜਾਣ ਖ਼ਤਰੇ ਵਿਚ ਪਾਉਣਾ ਕੀ ਸਹੀ ਹੈ?,” “ਇਨ੍ਹਾਂ ਨਕਲੀ ਕਿਸਾਨਾਂ ਠੇਕੇਦਾਰਾਂ ਦੇ ਪਿੱਛੇ ਲੱਗਣ ਤੋਂ ਪਹਿਲਾ ਸਾਨੂੰ ਵਿਚਾਰਨ ਦੀ ਲੋੜ,” ਇਹਨਾਂ ਫੇਸਬੁੱਕ ਪੇਜਾਂ ਦੇ ਗ੍ਰਾਫਿਕਸ ਦੇ ਵਿੱਚ ਇਹ ਲਿਖਿਆ ਸੀ।
ਇਹ ਦੁਸ਼ਪ੍ਰਚਾਰ ਮੁਹਿੰਮ ਫਰਵਰੀ 2024 ਵਿੱਚ ਕਿਸਾਨਾਂ ਦੇ ਐਮਐਸਪੀ ਨੂੰ ਲੈਕੇ ਹੋ ਰਹੇ ਅੰਦੋਲਨ ਦੇ ਦੌਰਾਨ ਤੇਜ਼ ਹੋ ਗਈ. ਕਿਸਾਨਾਂ ਨੂੰ ਦਿੱਲੀ ਵਿੱਚ ਪਹੁੰਚਣ ਤੋ ਰੋਕਣ ਅਤੇ ਬੀਜੇਪੀ ਦੇ ਸੱਤਾ ਵਿੱਚ ਵਾਪਸ ਆਉਣ ਦੇ ਵਿੱਚ ਅੜਿੱਕਾ ਬਣਨ ਤੋ ਰੋਕਣ ਲਈ, ਕੇਂਦਰ ਅਤੇ ਹਰਿਆਣਾ ਸਰਕਾਰ ਨੇ ਪੰਜਾਬ ਦੇ ਦਿੱਲੀ ਨੂੰ ਜਾਂਦੇ ਰਸਤਿਆਂ ਨੂੰ ਬੰਦ ਕਰ ਦਿੱਤਾ ਸੀ. ਮਾਰਚ ਨੂੰ ਰੋਕਣ ਲਈ ਪੈਰਾਮਿਲਟਰੀ ਅਤੇ ਹਰਿਆਣਾ ਪੁਲਿਸ ਡਰੋਨਾਂ ਦੇ ਨਾਲ ਅੱਥਰੂ ਗੈਸ ਦੇ ਗੋਲੇ ਸੁੱਟ ਰਹੇ ਸਨ।
21 ਫਰਵਰੀ ਨੂੰ, 21 ਸਾਲਾਂ ਕਿਸਾਨ ਸ਼ੁਭਕਰਨ ਸਿੰਘ ਨੂੰ ਪੈਰਾਮਿਲਟਰੀ ਵਲੋਂ ਧਰਨੇ ਉੱਤੇ ਗੋਲੀ ਮਾਰ ਦਿੱਤੀ ਗਈ ਸੀ। ਕਿਸਾਨ ਨੇਤਾਵਾਂ ਨੇ ਸ਼ੁਭਕਰਨ ਦਾ ਸੰਸਕਾਰ ਕਰਨ ਤੋਂ ਉਦੋਂ ਤੱਕ ਨਾਂਹ ਕੀਤੀ ਜਦੋਂ ਤੱਕ ਪੰਜਾਬ ਪੁਲਿਸ, ਹਰਿਆਣਾ ਪੁਲਿਸ ਦੇ ਖ਼ਿਲਾਫ਼ ਕੇਸ ਨਹੀਂ ਦਰਜ਼ ਕਰ ਲੈਂਦੀ। ਇਹ ਪੰਜਾਬ ਦੀ ਮਾਨ ਸਰਕਾਰ ਲਈ ਵੱਡੀ ਸਮੱਸਿਆ ਬਣ ਗਿਆ ਸੀ ਕਿਉਂਕਿ ਹਰਿਆਣਾ ਪੁਲਿਸ, ਪੰਜਾਬ ਦੇ ਖੇਤਰ ਵਿੱਚ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਸੀ ਅਤੇ ਇਸ ਕਰਕੇ ਉਸਦੇ ਉੱਤੇ ਹਰਿਆਣਾ ਸਰਕਾਰ ਪ੍ਰਤੀ ਨਰਮ ਰੁਖ਼ ਰੱਖਣ ਦਾ ਆਰੋਪ ਲੱਗ ਰਿਹਾ ਸੀ। ਜਦੋਂ ਕਿਸਾਨ ਜਥੇਬੰਦੀਆਂ ਨੇ ਨਿਆਂ ਦੀ ਮੰਗ ਕੀਤੀ, ਫੈਂਸ ਆਫ ਦੀਪ ਸਿੱਧੂ (FODS) ਅਤੇ ਸੂਝਵਾਨ ਪੰਜਾਬ ਨੇ ਗ੍ਰਾਫ਼ਿਕ ਸਪਾਂਸਰ ਕੀਤੇ ਜਿਸਦੇ ਵਿੱਚ ਕਿਸਾਨ ਨੇਤਾਵਾਂ ਦੇ ਮੰਸ਼ੇ ਤੇ ਸਵਾਲ ਚੁੱਕੇ ਗਏ ਤੇ ਸਰਕਾਰ ਵਲੋਂ ਸ਼ੁਭਕਰਨ ਦੇ ਪਰਿਵਾਰ ਨੂੰ ਇੱਕ ਕਰੋੜ ਦੀ ਮਾਲੀ ਸਹਾਇਤਾ ਦੇਣ ਦੀ ਖ਼ਬਰ ਦਿਖਾਈ ਗਈ।
ਕਿਸਾਨ ਨੇਤਾ ਸਰਵਣ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਵੱਲ ਇਸ਼ਾਰਾ ਕਰਦੀ ਵੀਡੀਓ ਵਿੱਚ ਕਿਹਾ ਜਾਂਦਾ ਹੈ ਕਿ “ਜਿੱਥੇ ਕਿਸਾਨ ਅੱਤਿਆਚਾਰ ਦੀ ਕੀਮਤ ਝੱਲ ਰਹੇ ਹਨ, ਉਥੇ ਕੁਝ ਕਿਸਾਨ ਸ਼ੁਭਕਰਨ ਦੀ ਮੌਤ 'ਤੇ ਰਾਜਨੀਤੀ ਕਰ ਰਹੇ ਹਨ।”
ਮਿਲੀਭੁਗਤ
ਇਹਨਾਂ ਪੇਜਾਂ ਨੇ 5900 ਇਸ਼ਤਿਹਾਰ ਦਿੱਤੇ ਜਿਨ੍ਹਾਂ ਵਿੱਚ ਸਰਕਾਰ ਅਤੇ ਪੁਲਿਸ ਦਾ ਦੁਸ਼ਪ੍ਰਚਾਰ ਲਪੇਟਿਆ ਹੋਇਆ ਸੀ। ਦੋ ਸਾਲ ਤੋਂ ਵੀ ਘੱਟ ਸਮੇ ਵਿੱਚ FODS ਦੇ 1.89 ਲੱਖ ਫੋਲੋਵਰਸ ਹੋ ਗਏ ਜਦੋਕਿ ਸੂਝਵਾਨ ਪੰਜਾਬ ਦੇ 1.44 ਲੱਖ। ਪਰ ਇਹਨਾਂ ਪੇਜਾਂ ਦੇ ਪਿੱਛੇ ਕੰਮ ਕਰਨ ਵਾਲੇ ਖਿਡਾਰੀਆਂ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਜਿਹੜੇ ਸਰਕਾਰ ਅਤੇ ਉਸਦੀਆਂ ਸੰਸਥਾਵਾਂ ਦੇ ਸਮਰਥਨ ਵਿੱਚ ਮੁਹਿੰਮਾਂ ਚਲਾਉਂਦੇ ਹਨ। ਇਹਨਾਂ ਪੇਜਾਂ ਨੂੰ ਕੌਣ ਫੰਡ ਕਰ ਰਿਹਾ ਹੈ? ਇਹਨਾਂ ਦੀ ਸਮੱਗਰੀ ਆਪ ਸਰਕਾਰ ਦੇ ਪ੍ਰਚਾਰ ਨਾਲ ਕਿਓ ਮਿਲਦੀ ਜੁਲਦੀ ਹੈ?
ਇਹਨਾਂ ਪੇਜਾਂ ਦੀ ਸਮੱਗਰੀ ਦੀ ਰਣਨੀਤੀ The Punjab First ਨਾਮ ਦੀ ਇੱਕ ਖ਼ਬਰਾਂ ਦੀ ਵੈਬਸਾਈਟ ਨਾਲ ਮਿਲਦੀ ਜੁਲਦੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀਚ ਸਰਕਾਰ ਬਣਨ ਤੋਂ ਕੁੱਝ ਮਹੀਨੇ ਬਾਅਦ ਅਗਸਤ 2022 ਵਿੱਚ ਬਣੀ ਸੀ. The Punjab First ਦਾ The Narrative Builders ਪ੍ਰਬੰਧਨ ਕਰਦਾ ਹੈ ਜਿਹੜੀ ਕਿ ਨੋਇਡਾ ਵਿੱਚ ਸਥਿਤ ਰਾਜਨੀਤਕ ਸੰਚਾਰ ਦਾ ਇੱਕ ਸੰਗਠਨ ਹੈ, ਜਿਸਨੂੰ ਸਿਤੰਬਰ 2019 ਤੋਂ ਲੈਕੇ ਜੂਨ 2022 ਤੱਕ ਦਿੱਲੀ ਵਿਧਾਨ ਸਭਾ ਦੇ ਫੈਲੋ ਰਹੇ ਮੁਕੇਸ਼ ਬੋਰਾ ਨੇ ਸ਼ੁਰੂ ਕੀਤਾ ਸੀ। ਫੈਲੋ ਦਾ ਕੰਮ ਵਿਧਾਇਕਾਂ ਦੇ ਨਾਲ ਕੰਮ ਕਰਨਾ ਹੁੰਦਾ ਹੈ ਅਤੇ ਉਹਨਾਂ ਦੀ ਤਨਖਾਹ 1 ਲੱਖ ਰੁਪਏ ਪ੍ਰਤੀ ਮਹੀਨਾ ਹੁੰਦੀ ਹੈ।
The Narrative Builders ਨੇ ਆਪਣਾ ਫੇਸਬੁੱਕ ਪੇਜ ਅਗਸਤ 2022 ਵਿੱਚ ਬਣਾਇਆ ਸੀ ਅਤੇ ਉਸਤੋਂ 11 ਦਿਨ ਬਾਅਦ The Punjab First ਦਾ ਫੇਸਬੁੱਕ ਪੇਜ ਬਣਿਆ ਸੀ। ਨਰੇਟਿਵ ਬਿਲਡਰਜ਼ ਵੈਬਸਾਈਟ ਦੇ ਸਾਡੇ ਬਾਰੇ ਸੈਕਸ਼ਨ ਮੁਤਾਬਿਕ “ ਇਹ ਡਿਜੀਟਲ ਮੀਡੀਆ, ਰਾਜਨੀਤਿਕ ਸੰਚਾਰ, ਮੀਡੀਆ ਬੁੱਧੀਮਤਾ, ਮੀਡੀਆ ਪ੍ਰਬੰਧਨ, ਸੋਸ਼ਲ ਮੀਡੀਆ ਪ੍ਰਬੰਧਨ ਅਤੇ ਆਡੀਓ-ਵੀਡੀਓ ਉਤਪਾਦਨ ਦੇ ਵੱਖ-ਵੱਖ ਪਹਿਲੂਆਂ 'ਤੇ ਵਿਸ਼ੇਸ਼ ਜਾਣਕਾਰੀ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ।” Narrative Builders ਨੋਇਡਾ ਵਿੱਚ ਕਈ ਕੰਪਨੀਆਂ ਲਈ ਸਾਂਝੀ ਜਗ੍ਹਾਂ ਤੋਂ ਕੰਮ ਕਰਨ ਦਾ ਦਾਅਵਾ ਕਰਦੀ ਹੈ। The Punjab First ਦੀ ਵੈਬਸਾਈਟ ਇਸਦੇ ਫੇਸਬੁੱਕ ਪੇਜ ਨਾਲੋਂ ਵੀ ਦਿਲਚਸਪ ਹੈ। ਇਸ ਵੈਬਸਾਈਟ ਉੱਤੇ ਸਹੀ ਪਤਾ ਵੀ ਨਹੀਂ ਹੈ। ਇਸਦਾ ਪਤਾ ਚੰਡੀਗੜ੍ਹ ਦੱਸਿਆ ਗਿਆ ਹੈ। ਕੁੱਝ ਖ਼ਬਰਾਂ ਨੂੰ ਛੱਡ ਕੇ ਬਾਕੀ ਸਾਰੀਆਂ ਖ਼ਬਰਾਂ The Punjab FIrst ਉੱਤੇ ਹਰਸ਼ ਪਾਂਡੇ ਨਾਮ ਦੇ ਵਿਅਕਤੀ ਵਲੋਂ ਲਿਖੀਆਂ ਗਈਆਂ ਹਨ। ਹਰਸ਼ ਸੁਪਰਮੈਨ ਰਿਪੋਰਟਰ ਲੱਗਦਾ ਹੈ ਜਿਹੜਾ ਪੰਜਾਬ ਦੀ ਰਾਜਨੀਤੀ, ਅਰਥ-ਵਿਵਸਥਾ, ਅੰਤਰਰਾਸ਼ਟਰੀ ਸੰਬੰਧਾਂ, ਖੇਡਾਂ ਅਤੇ ਮਨੋਰੰਜਨ ਤੱਕ ਤੇ ਲਿਖ ਲੈਂਦਾ ਹੈ। ਇਸਦੀ ਸਭ ਤੋ ਦਿਲਚਸਪ ਗੱਲ ਹੈ ਕਿ ਇਹ ਇਸ ਉੱਤੇ ਲਿਖੀਆਂ ਸਾਰੀਆਂ ਚੰਗੀਆਂ ਖ਼ਬਰਾਂ ਪੰਜਾਬ ਸਰਕਾਰ ਦੇ ਫ਼ੈਸਲਿਆਂ ਅਤੇ ਕਦਮਾਂ ਦੇ ਬਾਰੇ ਹਨ।
ਨੈਰੇਟਿਵ ਬਿਲਡਰਜ਼ World Punjabi, Dankaram ਅਤੇ HINDI Khabar Digital ਦੇ ਸੋਸ਼ਲ ਮੀਡੀਆ ਦਾ ਪ੍ਰਬੰਧਨ ਕਰਨ ਦਾ ਦਾਅਵਾ ਕਰਦਾ ਹੈ। ਨਰੇਟਿਵ ਬਿਲਡਰਜ਼ ਇਸ ਗੱਲ ਦਾ ਖੁੱਲ੍ਹੇਆਮ ਦਾਵਾ ਕਰਦਾ ਹੈ ਕਿ ਇਹ The Punjab First ਸਮੇਤ ਚਾਰ ਨਿਊਜ਼ ਚੈਨਲਾਂ ਦਾ ਪ੍ਰਬੰਧਨ ਕਰਦਾ ਹੈ ਪਰੰਤੂ ਇਹ FODS ਅਤੇ Soojhwan Punjab ਨਾਲ ਆਪਣੀ ਸੰਬੰਧਾਂ ਬਾਰੇ ਕੁੱਝ ਨਹੀਂ ਕਹਿੰਦਾ ਜਿਨ੍ਹਾਂ ਦੀ ਗੁੰਮਨਾਮਤਾ ਜਾਣਬੁੱਝ ਕੇ ਰੱਖੀ ਲੱਗਦੀ ਹੈ।
ਇਸੇ ਤਰਾਂ ਨਰੇਟਿਵ ਬਿਲਡਰਜ਼ ਦੇ ਰੰਗਲਾ ਪੰਜਾਬ (Rangla Punjab) ਅਤੇ ਸਾਡਾ ਮਾਨ (SADA Mann) ਨਾਲ ਸੰਬੰਧਾਂ ਨੂੰ ਵੀ ਲੁਕੋ ਕੇ ਰੱਖਿਆ ਗਿਆ ਹੈ, ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੰਨ ਸੰਪਰਕ ਦੇ ਸੰਦਾਂ ਵਜੋਂ ਕੰਮ ਕਰਦੇ ਹਨ। ਇਹ ਦੋਨੋਂ ਫੇਸਬੁੱਕ ਪੇਜ ਜਲੰਧਰ ਲੋਕ ਸਭਾ ਉਪਚੋਣਾਂ ਤੋਂ ਇਕ ਮਹੀਨਾ ਪਹਿਲਾਂ 5 ਅਪ੍ਰੈਲ 2023 ਨੂੰ ਬਣਾਏ ਗਏ। ਪ੍ਰੰਤੂ ਫੇਸਬੁੱਕ ਦੇ ਇਸ਼ਤਿਹਾਰਾਂ ਦੇ ਡੇਟਾ ਮੁਤਾਬਿਕ, ਰੰਗਲਾ ਪੰਜਾਬ ਅਤੇ ਸਾਡਾ ਮਾਨ ਉੱਤੇ ਇਸ਼ਤਿਹਾਰ ਨਰੇਟਿਵ ਬਿਲਡਰਜ਼ ਵਲੋਂ ਸਪਾਂਸਰ ਕੀਤੇ ਗਏ।
Narrative Builders ਨੇ World Punjabi Digital, Dankaram, Hindi Khabar ਅਤੇ The Punjab First ਨਾਲ ਆਪਣੇ ਸਬੰਧਾਂ ਦੀ ਜਾਣਕਾਰੀ ਹਟਾ ਦਿੱਤੀ ਹੈ। ਪਰੰਤੂ 5 ਦਸੰਬਰ ਨੂੰ ਰਿਕਾਰਡ ਕੀਤੀ ਯੂਟਿਊਬ ਵੀਡੀਓ ਵਿੱਚ ਰਿਪੋਰਟਰ ਦੇ ਕੋਲ ਸਾਰੀਆਂ ਜਾਣਕਾਰੀਆਂ ਦੀ ਰਿਕੋਰਡਿੰਗ ਹੈ।
ਫੇਸਬੁੱਕ ਪੇਜਾਂ ਅਤੇ The Punjab First ਦੀ ਸਮੱਗਰੀ ਦਾ ਵਿਸਤਾਰਪੂਰਵਕ ਵਿਸ਼ਲੇਸ਼ਣ ਦੋਨਾਂ ਵਿੱਚ ਲੂਪ ਨੂੰ ਦਿਖਾਉਂਦਾ ਹੈ। FODS ਅਤੇ ਸੂਝਵਾਨ ਪੰਜਾਬ ਉੱਤੇ ਪੋਸਟ ਕੀਤੇ ਗ੍ਰਾਫਿਕ ਅਕਸਰ The Punjab First ਉੱਤੇ ਦਿਖਦੇ ਰਹੇ ਹਨ ਜਿਨ੍ਹਾਂ ਵਿੱਚ ਥੋੜ੍ਹਾ ਜਿਹਾ ਬਦਲਾਵ ਹੁੰਦਾ ਸੀ ਪਰ ਸੁਰ ਲਗਭਗ ਸੇਮ ਸਨ। ਇਸਤੋਂ ਉਲਟ, The Punjab First ਦੀਆਂ ਵੀਡੀਓ, ਜਿਨ੍ਹਾਂ ਵਿੱਚ ਆਮ ਲੋਕਾਂ ਦੀ ਰਾਏ ਦੇ ਨਾਮ ਤੇ ਲੋਕ ਪੁਲਿਸ ਮੁਕਾਬਲਿਆਂ ਦੀ ਤਾਰੀਫ਼ ਕਰਦੇ ਹਨ ਅਤੇ ਕਿਸਾਨ ਜਥੇਬੰਦੀਆਂ ਦੀ ਆਲੋਚਨਾ, ਇਹਨਾਂ ਪੇਜਾਂ ਵਲੋਂ ਫੈਲਾਈਂਆ ਗਈਆਂ ਹਨ।
5 ਦਸੰਬਰ,2024 ਨੂੰ ਦਿਨ ਦੇ 12:20 ਮਿੰਟ ਉੱਤੇ FODS ਅੰਮ੍ਰਿਤਸਰ ਪੁਲਿਸ ਵਲੋਂ 5 ਕਿੱਲੋਂ ਹੈਰੋਇਨ ਫੜਨ ਅਤੇ 3 ਤਸਕਰਾਂ ਨੂੰ ਫੜ੍ਹਨ ਦਾ ਇੱਕ ਗ੍ਰਾਫਿਕ ਪੋਸਟ ਕਰਦਾ ਹੈ. ਸੂਝਵਾਨ ਪੰਜਾਬ ਉਹੀ ਗ੍ਰਾਫਿਕ 12:21 ਮਿੰਟ ਉੱਤੇ ਅਤੇ The Punjab First ਉਹੀ ਗ੍ਰਾਫਿਕ 12:22 ਮਿੰਟ ਉੱਤੇ ਸ਼ੇਅਰ ਕਰਦਾ ਹੈ। ਇਹ ਇਸ ਤਰਾਂ ਦਾ ਇਕੱਲਾ ਗ੍ਰਾਫਿਕ ਨਹੀਂ ਹੈ, ਇਸ ਤਰਾਂ ਦੇ ਕਾਫ਼ੀ ਗ੍ਰਾਫਿਕ ਹਨ ਜਿਹੜੇ ਤਿੰਨਾਂ ਪੇਜਾਂ ਉੱਤੇ ਪੋਸਟ ਹੋਏ ਹਨ।
ਪੰਜਾਬ ਸਰਕਾਰ, ਪੁਲਿਸ ਅਤੇ ਨਰੇਟਿਵ ਬਿਲਡਰਜ਼ ਨੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।
ਸਿੱਖ ਭਾਵਨਾਵਾਂ ਨੂੰ ਹਥਿਆਰ ਵਜੋਂ ਵਰਤਣਾ।
ਨਵੰਬਰ 2023 ਤੋਂ ਮਾਰਚ 2024 ਦੇ ਵਿਚਕਾਰ, ਪੰਜਾਬ ਵਿੱਚ 55 ਪੁਲਿਸ ਮੁਕਾਬਲੇ ਹੋਏ, ਜਿਨ੍ਹਾਂ ਵਿੱਚ 15 ਕਥਿਤ ਗੈਂਗਸਟਰ ਮਾਰੇ ਗਏ। ਪੰਜਾਬ ਵਿੱਚ ਪੁਲਿਸ ਮੁਕਾਬਲੇ ਵਿਵਾਦਿਤ ਰਹੇ ਹਨ, ਕਿਉਂਕਿ ਉਹਨਾਂ ਦਾ ਸੰਬੰਧ ਖਾੜਕੂਵਾਦ ਵੇਲੇ ਮਨੁੱਖੀ ਅਧਿਕਾਰਾਂ ਦੇ ਘਾਣ ਨਾਲ ਜੁੜਿਆਂ ਹੋਇਆਂ ਹੈ, ਇਹਨਾਂ ਫੇਸਬੁੱਕ ਪੇਜਾਂ ਨੇ ਉਹਨਾਂ ਨੂੰ ਜਾਇਜ਼ ਸਾਬਿਤ ਕਰਨ ਲਈ ਵੀ ਜ਼ੋਰ ਲਗਾਇਆ। ਇਕ ਸਪਾਂਸਰਡ ਗ੍ਰਾਫਿਕ ਦੇ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਸਿੰਘਮ ਅਵਤਾਰ ਦਿਖਾਇਆ ਗਿਆ ਜਿਹੜਾ ਕਿ ਹੀਰੋ ਦੇ ਰੂਪ ਵਿੱਚ ਹਾਲਾਤ ਨੂੰ ਠੀਕ ਕਰ ਰਿਹਾ ਸੀ। ਇਕ ਐਡਵਰਟਾਈਜ਼ਮੈਂਟ ਵਿੱਚ ਦਿੱਲੀ ਪੁਲਿਸ ਨੂੰ ਸੰਪਰਦਾਇਕ ਅਤੇ ਪੰਜਾਬ ਪੁਲਿਸ ਨੂੰ ਧਰਮ ਨਿਰਪੱਖ ਅਤੇ ਬਿਨਾਂ ਪੱਖਪਾਤ ਕਰਨ ਵਾਲੀ ਦਿਖਾਇਆ ਗਿਆ।
ਬੇਅਦਬੀ ਜਿਹੜੀ ਕਿ ਸਿੱਖ ਧਰਮ ਦੇ ਲੋਕਾਂ ਨਾਲ ਜੁੜਿਆਂ ਮੁੱਦਾ ਹੈ ਵੀ ਬਾਰ-ਬਾਰ ਆਉਣ ਵਾਲਾ ਥੀਮ ਸੀ। FODS ਅਤੇ Soojhwan Punjab ਨੇ ਬੇਅਦਬੀ ਦੀ ਦੋਸ਼ੀਆਂ ਨੂੰ ਫੜਨ ਅਤੇ ਉਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਮਾਨ ਸਰਕਾਰ ਦੀ ਤਾਰੀਫ ਕੀਤੀ। ਇਹਨਾਂ ਪੋਸਟਾਂ ਨਾਲ ਉਸ ਸਰਕਾਰ ਵਿੱਚ ਭਰੋਸਾ ਬਰਕਰਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਹੜੀ ਸਰਕਾਰ ਉੱਤੇ ਇਸ ਤਰਾਂ ਦੇ ਕੇਸਾਂ ਵਿੱਚ ਕੋਈ ਐਕਸ਼ਨ ਨਾ ਲੈਣ ਦਾ ਆਰੋਪ ਲੱਗਦਾ ਸੀ.
ਮ੍ਰਿਤਕ ਕਲਾਕਾਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ. ਭਗਵੰਤ ਮਾਨ ਸਰਕਾਰ ਦੇ ਕੱਟੜ ਆਲੋਚਕ ਮੂਸੇਵਾਲਾ ਦੇ ਮਾਤਾ ਪਿਤਾ ਮਾਰਚ 2024 ਵਿੱਚ ਉਸ ਸਮੇ ਨਿਸ਼ਾਨਾ ਬਣੇ ਜਦੋਂ ਕੇਂਦਰ ਸਰਕਾਰ ਨੇ ਮੂਸੇਵਾਲਾ ਦੇ ਮਾਤਾ ਤੋਂ ਉਹਨਾਂ ਦੇ ਦੂਜੇ ਬੱਚੇ ਦੇ IVF ਤਕਨੀਕ ਰਾਹੀ ਜਨਮ ਦੇ ਬਾਰੇ ਸਵਾਲ ਪੁੱਛੇ ਸਨ। ਦੋਨੋਂ ਫੇਸਬੁੱਕ ਪੇਜਾਂ ਨੇ ਪਰਿਵਾਰ ਨੂੰ ਉਹਨਾਂ ਦੇ ਪੁੱਤਰ ਦੀ ਮੌਤ ਅਤੇ ਦੂਜੇ ਪੁੱਤਰ ਦੇ ਜਨਮ ਤੇ “ਰਾਜਨੀਤੀ” ਕਰਨ ਦਾ ਆਰੋਪ ਲਗਾਇਆ। ਇਕ ਕੈਪਸ਼ਨ ਦੇ ਵਿੱਚ ਲਿਖਿਆ ਸੀ: “ਪਹਿਲਾਂ ਪਿਉ ਜਿਸਨੇ ਪੁੱਤ ਦੇ ਮਰਨ ਤੇ ਵੀ ਸਿਆਸਤ ਕੀਤੀ ਅਤੇ ਪੁੱਤ ਦੇ ਜਨਮ ਤੇ ਵੀ।”
ਪੈਰ ਜਮਾਏ
ਸਿੱਖ ਪ੍ਰਤੀਕਾਂ, ਭਾਵਨਾਤਮਕ ਬਿਆਨਬਾਜ਼ੀ ਅਤੇ ਵੰਡਣ ਵਾਲੀ ਕਹਾਣੀਆਂ ਦੀ ਵਰਤੋਂ ਕੋਈ ਹਾਦਸਾ ਨਹੀਂ ਸੀ - ਇਹ ਸਰਕਾਰੀ ਪ੍ਰਚਾਰ ਨੂੰ ਪੰਜਾਬ ਦੀ ਸੱਭਿਆਚਾਰਕ ਚੇਤਨਾ ਵਿੱਚ ਸਥਾਪਿਤ ਕਰਨ ਅਤੇ ਆਲੋਚਨਾਤਮਕ ਆਵਾਜ਼ਾਂ ਨੂੰ ਦਬਾਉਣ ਦੀ ਇੱਕ ਸੋਚੀ ਸਮਝੀ ਕੋਸ਼ਿਸ਼ ਸੀ। ਇਹਨਾਂ ਪੇਜਾਂ ਨੇ ਪ੍ਰਚਾਰ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਭਰੋਸੇਯੋਗਤਾ ਅਤੇ ਵਿਸ਼ਵਾਸ ਬਣਾਉਣ ਲਈ ਧਾਰਮਿਕ ਪ੍ਰਤੀਕਾਂ, ਖੇਤਰੀ ਮਾਣ ਅਤੇ ਭਾਈਚਾਰਾ-ਕੇਂਦਰਿਤ ਕਹਾਣੀਆਂ ਦੇ ਇੱਕ ਸ਼ਕਤੀਸ਼ਾਲੀ ਸੁਮੇਲ ਦਾ ਸਹਾਰਾ ਲਿਆ। ਉਦਾਹਰਨ ਦੇ ਤੌਰ ਤੇ, FODS ਦੇ ਪਹਿਲੇ ਵਿਗਿਆਪਨ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਮੁੱਖ ਤੌਰ 'ਤੇ ਦਿਖਾਇਆ ਗਿਆ ਸੀ, ਜਦੋਂ ਕਿ ਸੂਝਵਾਨ ਪੰਜਾਬ ਨੇ ਆਪਣੇ ਅਭਿਆਨ ਦੀ ਸ਼ੁਰੂਆਤ ਹਰਿਮੰਦਿਰ ਸਾਹਿਬ ਦੀ ਤਸਵੀਰ ਨਾਲ ਕੀਤੀ।
'ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹੋ, ਤਾਂ ਇਸ ਪੇਜ ਨੂੰ ਲਾਈਕ ਕਰੋ,' ਗੁਰੂ ਗ੍ਰੰਥ ਸਾਹਿਬ ਦੀ ਤਸਵੀਰ ਦੇ ਨਾਲ FODS ਪੇਜ ਦੁਆਰਾ ਪਹਿਲੇ ਪੋਸਟ ਅਤੇ ਵਿਗਿਆਪਨ ਵਿੱਚ ਲਿਖਿਆ ਸੀ। ਇਸ ਵਿਗਿਆਪਨ ਨੂੰ ਘੱਟੋ ਘੱਟ 10 ਲੱਖ ਲੋਕਾਂ ਨੇ ਦੇਖਿਆ ਸੀ। ਇਹੀ ਐਡਵਰਟਾਈਜ਼ਮੈਂਟ ਬਾਅਦ ਵਿੱਚ The Punjab First ਵਲੋਂ ਚਲਾਈ ਗਈ।
ਇਸੇ ਤਰ੍ਹਾਂ, ਸੂਝਵਾਨ ਪੰਜਾਬ ਪੇਜ ਨੇ ਆਪਣਾ ਪਹਿਲਾ ਪੋਸਟ ਅਤੇ ਇਸ਼ਤਿਹਾਰ ਇਸ ਨਾਲ ਸ਼ੁਰੂ ਕੀਤਾ। "ਜੇਕਰ ਤੁਹਾਨੂੰ ਪੰਜਾਬੀ ਹੋਣ 'ਤੇ ਮਾਣ ਹੈ , ਤਾਂ ਇਸ ਪੇਜ ਨੂੰ ਲਾਈਕ ਕਰੋ," ਸੂਝਵਾਨ ਪੰਜਾਬ ਨੇ ਗੋਲਡਨ ਟੈਂਪਲ ਅਤੇ ਸਿੱਖ ਖੰਡਾ ਦੀ ਫੋਟੋ ਬੈਕਗ੍ਰਾਉਂਡ ਵਿੱਚ ਲਗਾ ਕੇ ਦਿੱਤੇ ਇਸ਼ਤਿਹਾਰ ਵਿੱਚ ਲਿਖਿਆ ਸੀ। ਇਸਨੂੰ ਵੀ ਲਗਭਗ 1.5 ਮਿਲੀਅਨ ਲੋਕਾਂ ਨੇ ਦੇਖਿਆ ਸੀ।
ਇਸ ਦੁਸ਼ਪ੍ਰਚਾਰ ਮੁਹਿੰਮ ਦੀਆਂ ਅੰਤਰਰਾਸ਼ਟਰੀ ਪ੍ਰਚਾਰ ਮੁਹਿੰਮਾਂ ਨਾਲ ਸਮਾਨਤਾਵਾਂ ਨੂੰ ਨਜ਼ਰਅੰਦਾਜ ਕਰਨਾ ਮੁਸ਼ਕਿਲ ਹੈ. ਖ਼ਬਰਾਂ ਦੇ ਮੁਤਾਬਿਕ, 2024 ਵਿੱਚ ਇਜ਼ਰਾਈਲ ਨੇ ਫਲਸਤੀਨੀ ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ਨੂੰ ਬਦਨਾਮ ਕਰਨ ਲਈ ਗੂਗਲ ਇਸ਼ਤਿਹਾਰਾਂ ਦਾ ਇਸਤੇਮਾਲ ਕੀਤਾ। ਪੰਜਾਬ ਦੀ ਫੇਸਬੁੱਕ ਮੁਹਿੰਮ ਨੇ ਵੀ ਉਸੇ ਤਰ੍ਹਾਂ ਦਾ ਤਰੀਕਾ ਅਪਣਾਇਆ: ਦੁਸ਼ਪ੍ਰਚਾਰ ਦਾ ਇਸਤੇਮਾਲ ਅਲੋਚਕਾਂ ਨੂੰ ਬਦਨਾਮ ਕਰਨ ਲਈ, ਜਨਤਾ ਦਾ ਸਮਰਥਨ ਹੋਣ ਦਾ ਗ਼ਲਬਾ ਤਿਆਰ ਕਰਨ ਲਈ ਅਤੇ ਸਰਕਾਰ ਬਾਰੇ ਸਕਾਰਾਤਿਮਕ ਸਮੱਗਰੀ ਨਾਲ ਡਿਜੀਟਲ ਸਪੇਸ ਨੂੰ ਭਰਨ ਲਈ।